ਮਾਘੀ ਸਮੇਂ ਪਿਆਰਿਓ, ਆਪਣੇ ਵੀ ਬੇਦਾਵੇ ਪੜਵਾਈਏ।

ਧੰਨ-ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ-ਧੰਨ ਉਹਨਾਂ ਦੀ ਸਿੱਖੀ, ਉਹਨਾਂ ਦਾ ਪਰਿਵਾਰ, ਉਹਨਾਂ ਦੇ ਬਹਾਦਰ ਅਤੇ ਸੂਝਵਾਨ ਸਿੱਖ, ਸਭ ਨੂੰ ਹੀ ਵਾਰ-ਵਾਰ ਨਮਸਕਾਰ ਨਮਸਕਾਰ ਨਮਸਕਾਰ ਨਮਸਕਾਰ ਨਮਸਕਾਰ......।

ਪਿਆਰਿਓ, ਆਓ ਵਿਚਾਰ ਕਰੀਏ ਕਿ ਅੱਜ ਅਸੀਂ ਮਾਘੀ ਦੀ ਸੰਗਰਾਂਦ ਨੂੰ ਮੁਕਤਸਰ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚਦੇ ਹਾਂ। ਮਾਘੀ ਦੇ ਇਤਿਹਾਸ ਨੇ ਸਿੱਖ ਧਰਮ ਵਿੱਚ ਆਪਣਾ ਖਾਸ ਸਥਾਨ ਬਣਾਇਆ ਹੈ। ਚਾਲੀ ਮੁਕਤਿਆਂ ਦੀ ਧਰਤੀ ਵਿਖੇ ਚਾਲੀ ਸਿੱਖਾਂ ਵੱਲੋਂ ਲਿਖੇ ਬੇਦਾਵੇ ਨੂੰ ਪਾੜ ਕੇ ਗੁਰੂ ਜੀ ਨੇ ਸਿੱਖਾਂ ਨੂੰ ਪਿਆਰ ਅਤੇ ਸਤਿਕਾਰ ਨਾਲ ਸਦਾ ਲਈ ਪ੍ਰਮਾਤਮਾ ਜੀ ਦੀ ਮਿੱਠੀ ਅਤੇ ਨਿੱਘੀ ਗੋਦੀ ਵਿੱਚ ਬਿਠਾ ਦਿੱਤਾ ਸੀ। ਅਸੀਂ ਬਹੁਤ ਵਾਰ ਪੜ੍ਹ ਚੁੱਕੇ ਹਾਂ ਸੁੱਣ ਚੁੱਕੇ ਹਾਂ ਕਿ ਚਾਲੀ ਸਿੰਘਾਂ ਨੇ ਗੁਰੂ ਜੀ ਨੂੰ ਬੇਦਾਵਾ ਲਿਖ ਕੇ ਦਿੱਤਾ ਸੀ ਕਿ " ਅਸੀਂ ਤੁਹਾਡੇ ਸਿੱਖ ਨਹੀਂ - ਤੁਸੀਂ ਸਾਡੇ ਗੁਰੂ ਨਹੀਂ" ।

ਜਿਸ ਸਮੇਂ ਸਿੰਘ ਆਪਣੇ ਘਰਾਂ ਵਿੱਚ ਵਾਪਸ ਪਹੁੰਚੇ, ਜਦੋਂ ਸਿੰਘਾਂ ਨੇ ਸਿੰਘਣੀਆਂ ਨੂੰ ਆਪਣੇ ਵਾਪਸ ਆਉਣ ਦਾ ਕਾਰਨ ਦੱਸਿਆ ਤਾਂ ਉਹਨਾਂ ਨੇ ਬਹੁਤ ਬੁਰਾ ਮਨਾਇਆ ਅਤੇ ਕਿਹਾ ਕਿ ਤੁਸੀਂ ਕਾਹਦੇ ਸਿੰਘ ਹੋ ਜੋ ਜੰਗ ਦੇ ਮੈਦਾਨ ਚੋਂ ਵਾਪਸ ਭੱਜ ਆਏ ਹੋ, ਅਸੀਂ ਜਾਂਦੀਆਂ ਹਾਂ ਜੰਗ ਦੇ ਮੈਦਾਨ ਵਿੱਚ, ਤੁਸੀਂ ਚੂੜੀਆਂ ਪਾ ਕੇ ਘਰ ਬੈਠੋ, ਦਾਲ ਰੋਟੀਆਂ ਬਣਾਓ। ਇਸ ਤਰ੍ਹਾਂ ਕਈ ਪ੍ਰਕਾਰ ਦੇ ਤਾਨੇ ਮੇਹਣੇ ਸਿੱਖਾਂ ਨੂੰ ਸੁਣਨੇ ਪਏ ਅਤੇ ਸਿੱਖ ਵਾਪਸ ਜੰਗ ਦੇ ਮੈਦਾਨ ਵਿੱਚ ਚਲੇ ਗਏ। ਸਿੱਖ ਉੱਥੇ ਪਹੁੰਚਣ ਸਾਰ ਹੀ ਜੰਗ ਵਿੱਚ ਦੁਸ਼ਮਣਾਂ ਦਾ ਮੁਕਾਬਲਾ ਕਰਨ ਲੱਗੇ ਅਤੇ ਸ਼ਹੀਦੀਆਂ ਪਾ ਗਏ। ਗੁਰੂ ਜੀ ਮਹਾਂ ਸਿੰਘ ਜੀ ਦੇ ਪਾਸ ਆਏ ਮਹਾਂ ਸਿੰਘ ਜੀ ਦਾ ਸਿਰ ਆਪਣੀ ਗੋਦ ਵਿੱਚ ਰੱਖ ਕੇ ਬੋਲੇ ਮਹਾਂ ਸਿੰਘ ਮੰਗੋ ਜੋ ਮੰਗਣਾ ਹੈ। ਮਹਾਂ ਸਿੰਘ ਦੀ ਖੁਸ਼ੀ ਦੀ ਹੱਦ ਨਾ ਰਹੀ ਉਸ ਨੇ ਝੱਟ ਹੀ ਲਿਖਿਆ ਹੋਇਆ ਬੇਦਾਵਾ ਕੱਢ ਕੇ ਗੁਰੂ ਜੀ ਵੱਲ ਕੀਤਾ, ਗੁਰੂ ਜੀ ਨੇ ਮੁਸਕੁਰਾਉਂਦੇ ਹੋਏ ਬੇਦਾਵਾ ਪਾੜ ਦਿੱਤਾ ਅਤੇ ਟੁੱਟੀ ਨੂੰ ਗੰਢ ਦਿੱਤਾ। ਇਸ ਤਰਾਂ੍ਹ ਚਾਲੀ ਮੁਕਤਿਆਂ ਦੀ ਧਰਤੀ ਦਾ ਇਤਿਹਾਸ ਸਿਰਜਿਆ ਗਿਆ।

ਅਸੀਂ ਹਰ ਸਾਲ ਮੁਕਤਸਰ ਗੁਰਦੁਆਰਾ ਸਾਹਿਬ ਜਾ ਕੇ ਹਾਜਰੀਆਂ ਭਰਦੇ ਹਾਂ।ਲੱਖਾਂ ਦਾ ਇੱਕਠ ਹੁੰਦਾ ਹੈ। ਸਾਨੂੰ ਜਰੂਰਤ ਹੈ ਆਪਣੇ ਅੰਦਰ ਝਾਤ ਮਾਰਨ ਦੀ, ਕੀ ਅਸੀਂ ਆਪਣੇ ਬੇਦਾਵੇ ਪੜਵਾਉਂਣ ਦੀ ਗੱਲ ਕਦੇ ਸੋਚੀ ਹੈ? ਕੀ ਅਸੀਂ ਸਾਰੇ ਕੰਮ ਇਮਾਨਦਾਰੀ ਨਾਲ ਕਰਦੇ ਹਾਂ? ਕੀ ਅਸੀਂ ਗੁਰੂ ਜੀ ਦੇ ਬਚਨਾਂ ਨੂੰ ਮੰਨਦੇ ਹਾਂ? ਉਹਨਾਂ ਦੀਆਂ ਕੀਤੀਆਂ ਕੁਰਬਾਨੀਆਂ ਨੂੰ ਯਾਦ ਰੱਖਦੇ ਹਾਂ? ਉਹਨਾਂ ਦੇ ਸਿੱਖ ਬਣ ਗਏ ਹਾਂ, ਜਾਂ ਕੇਵਲ ਮੱਥੇ ਟੇਕਣ ਤੱਕ ਹੀ ਸੀਮਿਤ ਹਾਂ। ਅਸੀਂ ਪਿੱਛਲੇ ਜਨਮਾਂ ਵਿੱਚ ਅਤੇ ਇਸ ਜਨਮ ਵਿੱਚ ਕਿੰਨੀ ਵਾਰ ਅਜਿਹੇ ਕੰਮ ਕੀਤੇ ਹਨ ਜਿਸ ਨਾਲ ਸਾਡੇ ਵੱਲੋਂ ਬੇਦਾਵੇ ਲਿਖੇ ਗਏ ਹਨ।ਕੀ ਅਸੀਂ ਕਦੇ ਆਪਣੇ ਬੇਦਾਵੇ ਪੜਵਾਉਂਣ ਦੀ ਗੱਲ ਸੋਚੀ ਹੈ? ਅਸੀਂ ਕਈ ਵਾਰ ਆਪਣੀਆਂ ਕੀਤੀਆਂ ਗਲਤੀਆਂ ਦੀਆਂ ਮਾਫ਼ੀਆਂ ਜਰੂਰ ਮੰਗ ਲੈਂਦੇ ਹਾਂ, ਪਰ ਗਲਤੀਆਂ ਸੁਧਾਰਦੇ ਨਹੀਂ, ਇਰਾਦੇ ਮਜਬੂਤ ਨਹੀਂ ਕਰਦੇ। ਅਸੀਂ ਹਰ ਰੋਜ਼ ਗਲਤੀਆਂ ਕਰਦੇ ਹਾਂ, ਫਿਰ ਮਾਫ਼ੀਆਂ ਮੰਗਦੇ ਹਾਂ, ਇਸ ਤਰ੍ਹਾਂ ਹੀ ਸਾਰਾ ਜੀਵਨ ਚੱਲਦਾ ਰਹਿੰਦਾ ਹੈ।

ਪਿਆਰਿਓ! ਅੱਜ ਮਾਘੀ ਦੇ ਇਤਿਹਾਸ ਨੂੰ ਪ੍ਰਣਾਮ ਕਰਦੇ ਹੋਏ ਉਸ ਤਰ੍ਹਾਂ ਹੀ ਬੇਦਾਵੇ ਪੜਵਾਈਏ ਜਿਵੇਂ ਚਾਲੀ ਸਿੰਘਾਂ ਨੇ ਬੇਦਾਵਾ ਪੜਵਾਇਆ ਸੀ।ਜਿਸ ਸਮੇਂ ਸਿੰਘ ਘਰੋਂ ਵਾਪਸ ਜੰਗ ਵਿੱਚ ਪਹੁੰਚੇ ਸਨ ਉਹ ਪਹਿਲਾਂ ਗੁਰੂ ਜੀ ਪਾਸ ਬੇਦਾਵਾ ਪੜਵਾਉਣ ਲਈ ਨਹੀਂ ਗਏ ਸਨ।ਉਹਨਾਂ ਨੇ ਪਹਿਲਾਂ ਯੁੱਧ ਕਰਕੇ ਆਪਣੀ ਕੀਤੀ ਹੋਈ ਗਲਤੀ ਨੂੰ ਸੁਧਾਰਿਆ ਆਪਣੇ ਫਰਜ਼ ਨੂੰ ਨਿਭਾਕੇ ਇਸ ਕਾਬਿਲ ਬਣ ਗਏ ਕਿ ਗੁਰੂ ਜੀ ਆਪ ਉਹਨਾਂ ਦੇ ਪਾਸ ਆਏ ਅਤੇ ਬੇਦਾਵਾ ਪਾੜਕੇ ਉਹਨਾਂ ਨੂੰ ਪਿਆਰ ਅਤੇ ਸਤਿਕਾਰ ਨਾਲ ਪਰਵਾਨ ਕਰ ਲਿਆ।ਜੇਕਰ ਅਸੀਂ ਚਾਹੰੁਦੇ ਹਾਂ ਕਿ ਗੁਰੂ ਜੀ ਸਾਨੂੰ ਪਿਆਰ ਕਰਨ, ਆਪਣੇ ਪੁੱਤਰ ਬਣਾ ਲੈਣ, ਆਪਣੀ ਗੋਦੀ 'ਚ ਬਿਠਾ ਲੈਣ ਅਤੇ ਜਨਮਾਂ- ਜਨਮਾਂ ਦੇ ਲਿਖੇ ਬੇਦਾਵੇ ਪਾੜ ਦੇਣ ਤਾਂ ਸਾਨੂੰ ਉਹਨਾਂ ਦੇ ਹੁਕਮ ਮੰਨਣ ਦੀ ਜ਼ਰੂਰਤ ਹੈ। ਚਾਲੀ ਮੁਕਤਿਆਂ ਦੀ ਤਰ੍ਹਾਂ ਆਪਣੇ ਆਪ ਨੂੰ ਇਸ ਕਾਬਿਲ ਬਣਾਈਏ ਕਿ ਗੁਰੂ ਜੀ ਸਾਡੇ ਤੋਂ ਖੁਸ਼ ਹੋ ਕੇ ਸਾਨੂੰ ਆਪਣੇ ਪੁੱਤਰ ਬਣਾ ਲੈਣ।

ਅੱਜ ਮਾਘੀ ਦੇ ਦਿਨ ਗੁਰੂ ਘਰ ਜਾ ਕੇ ਨਤਮਸਤਕ ਹੁੰਦੇ ਹੋਏ ਪ੍ਰਣ ਕਰੀਏ ਕਿ ਮੈਂ ਕਿਸੇ ਦਾ ਹੱਕ ਨਹੀਂ ਮਾਰਨਾ, ਮੈਂ ਕਿਸੇ ਨੂੰ ਤੰਗ ਨਹੀਂ ਕਰਨਾ, ਮੈਂ ਬੇਟੀਆਂ ਨੂੰ ਨਹੀਂ ਮਾਰਨਾ, ਮੈਂ ਮਾਤਾ-ਪਿਤਾ ਦੀ ਸੇਵਾ ਕਰਨੀ ਹੈ। ਮੈਂ ਨਸ਼ੇ ਨਹੀਂ ਕਰਨੇ, ਮੈਂ ਕਿਸੇ ਗਰੀਬ ਜਾਂ ਅੰਗਹੀਣ ਦਾ ਮਜ਼ਾਕ ਨਹੀਂ ਉਡਾਉਣਾ, ਮੈਂ ਆਪਣੇ ਧਰਮ 'ਤੇ ਪੱਕਾ ਰਹਿ ਕੇ ਕਿਸੇ ਦੂਸਰੇ ਧਰਮ ਦੀ ਨਿੰਦਿਆ ਨਹੀਂ ਕਰਾਗਾਂ। ਮੈਂ ਧਾਰਮਿਕ ਸਥਾਨ ਅੰਦਰ ਲੜਾਈ ਝਗੜੇ ਨਹੀਂ ਕਰਗਾਂ।ਮੈਂ ਹਰ ਥਾਂ ਤੇ ਸ਼ਾਂਤੀ ਬਣਾ ਕੇ ਰੱਖਾਂਗਾ, ਮੈਂ ਹਰ ਜੀਵ ਵਿੱਚੋਂ , ਹਰ ਸਮੇਂ ਵਿੱਚੋਂ, ਰੱਬ ਦੀ ਹਰ ਕਰਨੀ ਵਿੱਚੋਂ ਪ੍ਰਮਾਤਮਾ ਦੇ ਦਰਸ਼ਨ ਕਰਦਾ ਰਹਾਗਾਂ। ਇਹ ਪ੍ਰੀਤ, ਲਗਨ ਹਰ ਸਮੇਂ ਬਣਾ ਕੇ ਰੱਖਾਂਗਾ ਅਤੇ ਲੋੜਵੰਦਾਂ ਦੀ ਮਦਦ ਕਰਾਂਗਾ। ਇਸ ਤਰ੍ਹਾਂ ਜੀਵਨ ਬਤੀਤ ਕਰਦੇ ਰਹੀਏ ਤਾਂ ਇੱਕ ਦਿਨ ਗੁਰੂ ਜੀ ਸਾਡੇ ਬੇਦਾਵੇ ਜਰੂਰ ਪਾੜ ਦੇਣਗੇ। ਆਪਣੇ ਮਨ ਅੰਦਰ ਪੱਕਾ ਵਿਸ਼ਵਾਸ਼ ਬਣਾ ਕੇ ਰੱਖੀਏ। ਗੁਰੂ ਜੀ ਹਰ ਸਮੇਂ ਸਾਨੂੰ ਸੁਣ ਰਹੇ ਹਨ, ਦੇਖ ਰਹੇ ਹਨ, ਅਤੇ ਨੋਟ ਕਰ ਰਹੇ ਹਨ, ਉਹ ਸਾਡੇ ਬਿਲਕੁਲ ਨਜ਼ਦੀਕ ਹੀ ਹਨ।ਪਰ! ਅਸੀਂ ਉਹਨਾਂ ਨੂੰ ਕਿਉਂ ਨਹੀਂ ਦੇਖ ਰਹੇ? ਹਾਂ! ਇਸ ਸਵਾਲ ਦਾ ਹੱਲ ਇਹ ਹੀ ਹੈ ਕਿ ਸਾਡੀ ਭਗਤੀ ਵਿੱਚ ਕਮੀ ਹੈ, ਸਾਡੇ ਮਨ ਅਜੇ ਪ੍ਰੇਮ ਵਿੱਚ, ਨਾਮ ਸਿਮਰਨ ਵਿੱਚ ਰੰਗੇ ਨਹੀਂ ਗਏ ਹਨ। ਪਿਆਰਿਓ ਕਦੇ ਵੀ ਹਿੰਮਤ ਨਾ ਹਾਰੀਏ, ਗੁਰੂ ਜੀ ਨਾਲ ਪੂਰਾ ਮੋਹ ਕਰਕੇ ਸੇਵਾ ਤੇ ਸਿਮਰਨ ਪ੍ਰੀਤ ਲਾ ਕੇ ਕਰਦੇ ਰਹੀਏ ਤਾਂ ਮੰਜ਼ਿਲ ਤੱਕ ਜਰੂਰ ਪਹੁੰਚ ਜਾਵਾਂਗੇ।

ਧੰਨਵਾਦ ਸਹਿਤ।

ਸੇਵਾਦਾਰ - ਜਸਵੰਤ ਸਿੰਘ ਧੰਜਲ
93563-92809, 88722-35162

Comments

Post new comment

The content of this field is kept private and will not be shown publicly.
Image CAPTCHA
Enter the characters shown in the image.